Home / Politics / ਕੀ ਬਾਦਲ ਲੋਕਾਂ ਨੂੰ ਸ਼ਾਂਤ ਕਰਕੇ ਵਿਰੋਧੀਆਂ ਨੂੰ ਮਾਤ ਦੇ ਸਕਣਗੇ?

ਕੀ ਬਾਦਲ ਲੋਕਾਂ ਨੂੰ ਸ਼ਾਂਤ ਕਰਕੇ ਵਿਰੋਧੀਆਂ ਨੂੰ ਮਾਤ ਦੇ ਸਕਣਗੇ?

ਚੰਡੀਗੜ੍ਹ, 17 ਜਨਵਰੀ (ਚ. ਨ. ਸ) : ਦਿੱਗਜ਼ ਸਿਆਸਤਦਾਨ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਬਹੁਤ ਔਖੀ ਘੜੀ ‘ਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਸ਼ਾਇਦ ਹੀ ਅਜਿਹਾ ਮੁਸ਼ਕਲ ਸਮਾਂ ਵੇਖਿਆ ਹੋਵੇ। ਇਸ ਨੂੰ ਲੈ ਕੇ ਉਹ ਕਾਫੀ ਨਿਰਾਸ਼ ਵੀ ਹਨ। ਹਾਲਾਂਕਿ ਆਪਣੇ ਸਿਆਸੀ ਜੀਵਨ ਵਿੱਚ ਉਹ ਵੱਡੇ-ਵੱਡੇ ਨੇਤਾਵਾਂ ਵਲੋਂ ਦਿੱਤੀਆਂ ਗਈਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਦੇ ਆਏ ਹਨ ਅਤੇ ਜਿੱਤਦੇ ਵੀ ਆਏ ਹਨ ਪਰ ਇਸ ਵਾਰ ਉਨ੍ਹਾਂ ਨੂੰ ਬਹੁਤ ਸਾਰੇ ਮੁੱਦਿਆਂ ਉਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਰਟੀ ਦੇ ਲੀਡਰਾਂ ਦੁਆਰਾ ਕੁਝ ਲੋਕਾਂ ਨੂੰ ਭੜਕਾ ਕੇ ਅਜਿਹਾ ਕਰਵਾਇਆ ਜਾ ਰਿਹਾ ਹੈ ਪਰ ਇਸ ਦੇ ਨਾਲ-ਨਾਲ ਇਹ ਵੀ ਸੱਚ ਹੈ ਕਿ ਲੋਕ ਭਾਵੇਂ ਸ੍ਰ. ਬਾਦਲ ਨਾਲ ਭਾਵੇਂ ਨਾਰਾਜ਼ ਨਾ ਹੋਣ ਪਰ ਸਥਾਨਕ ਅਕਾਲੀ ਆਗੂਆਂ ਖਿਲਾਫ ਉਨ੍ਹਾਂ ਦੇ ਮਨ ਵਿੱਚ ਕਾਫੀ ਗੁੱਸਾ ਹੈ। ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਕਠਿਨ ਪ੍ਰਸਥਿਤੀਆਂ ਵਿੱਚ ਵਿਚਰ ਕੇ ਉਹ ਲੋਕਾਂ ਦਾ ਗੁੱਸਾ ਕਿਵੇਂ ਸ਼ਾਂਤ ਕਰਦੇ ਹਨ ਅਤੇ ਆਪਣੇ ਵਿਰੋਧੀਆਂ ਨੂੰ ਕਿਸ ਤਰ੍ਹਾਂ ਮਾਤ ਦਿੰਦੇ ਹਨ। ਸੂਤਰਾਂ ਮੁਤਾਬਕ ਬਾਦਲ ਦੇ 12 ਦੌਰਿਆਂ ਵਿੱਚੋਂ ਚਾਰ ਥਾਵਾਂ ‘ਤੇ ਵਿਰੋਧ ਹੋਇਆ। ਇੱਕ ਜਗ੍ਹਾ ਤਾਂ ਉਨ੍ਹਾਂ ਨੂੰ ਭਾਸ਼ਨ ਵਿਚਾਲੇ ਹੀ ਛੱਡ ਕੇ ਜਾਣਾ ਪਿਆ। ਇਹ ਪਹਿਲੀ ਵਾਰ ਹੈ ਜਦੋਂ ਬਜ਼ੁਰਗ ਸਿਆਸਤਦਾਨ ਖਿਲਾਫ ਲੋਕਾਂ ਵਿੱਚ ਇੰਨਾ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਜੁੱਤੀ ਕਾਂਢ ਤੋਂ ਬਾਅਦ ਸੋਮਵਾਰ ਜਦ ਬਾਦਲ ਮੁੜ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉੱਤਰੇ ਤਾਂ ਉਨ੍ਹਾਂ ਫਿਰ ਲੋਕ ਰੋਹ ਦਾ ਸ਼ਿਕਾਰ ਹੋਣਾ ਪਿਆ। ਹੈਰਾਨੀ ਦੀ ਗੱਲ ਹੈ ਕਿ ਇਹ ਰੋਸ ਪ੍ਰਗਟਾਉਣ ਵਾਲੇ ਕਿਸੇ ਵਿਰੋਧੀ ਧਿਰ ਦੇ ਨਹੀਂ ਬਲਕਿ ਕੱਟੜ ਅਕਾਲੀ ਹੀ ਸਨ। ਮੁਕਤਸਰ: ਲੰਬੀ ਵਿੱਚ ਸੋਮਵਾਰ ਨੂੰ ਮੁੱਖ ਮੰਤਰੀ ਬਾਦਲ ਦੇ ਸਮਾਗਮ ਵਿੱਚ ਲੋਕਾਂ ਨੇ ਹੰਗਾਮਾ ਕਰ ਦਿੱਤਾ। ਬਾਦਲ ਲੰਬੀ ਵਿੱਚ ਚੋਣ ਪ੍ਰਚਾਰ ਕਰਨ ਦੇ ਪ੍ਰੋਗਰਾਮ ਤਹਿਤ ਹਲਕੇ ਦੇ ਪਿੰਡ ਸਿੱਖ ਵਾਲਾ ਵਿਖੇ ਪਹੁੰਚੇ ਸਨ। ਮੁੱਖ ਮੰਤਰੀ ਜਦੋਂ ਪਿੰਡ ਵਿੱਚ ਪਹੁੰਚੇ ਤਾਂ ਉੱਥੇ ਇਕੱਠੇ ਹੋਏ ਲੋਕਾਂ ਨੇ ਹੰਗਾਮਾ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਲੇ ਅਕਾਲੀ ਦਲ ਦੇ ਆਗੂ ਤਜਿੰਦਰ ਸਿੰਘ ਮਿੱਢੂ ਖੇੜਾ ਦਾ ਵਿਰੋਧ ਕਰ ਰਹੇ ਸਨ। ਜਿਵੇਂ ਹੀ ਮਿੱਢੂ ਖੇੜਾ ਮੁੱਖ ਮੰਤਰੀ ਨਾਲ ਪਿੰਡ ਪਹੁੰਚੇ ਤਾਂ ਉਨ੍ਹਾਂ ਪ੍ਰੋਗਰਾਮ ਛੱਡ ਕੇ ਬਾਹਰ ਜਾ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ ਮਿੱਢੂਖੇੜਾ ਨੇ ਪਿਛਲੇ ਦਿਨੀਂ ਪਿੰਡ ਵਿੱਚ ਹੋਏ ਝਗੜੇ ਦੌਰਾਨ ਕਾਂਗਰਸੀ ਧੜੇ ਦੀ ਮਦਦ ਕੀਤੀ ਸੀ। ਲੰਬੀ ‘ਚ ਦੂਜੀ ਘਟਨਾ: ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਪ੍ਰੋਗਰਾਮ ਵਿੱਚ ਇਹ ਹੰਗਾਮਾ ਪਹਿਲੀ ਵਾਰ ਨਹੀਂ ਹੋਇਆ ਸਗੋਂ ਇਸ ਤੋਂ ਪਹਿਲਾਂ ਲੰਬੀ ਹਲਕੇ ਦੇ ਇੱਕ ਪਿੰਡ ਵਿੱਚ ਅੱਕੇ ਹੋਏ ਵਿਅਕਤੀ ਨੇ ਮੁੱਖ ਮੰਤਰੀ ਦੇ ਜੁੱਤੀ ਮਾਰੀ ਸੀ। ਜੁੱਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਉਤੇ ਵੱਜੀ ਸੀ ਜਿਸ ਕਾਰਨ ਉਹਨਾਂ ਦੀ ਐਨਕ ਟੁੱਟ ਗਈ ਸੀ। ਜੁੱਤੀ ਮਾਰਨ ਵਾਲੇ ਵਿਅਕਤੀ ਦਾ ਦਾਅਵਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਉਸ ਦੇ ਮੰਨ ਵਿੱਚ ਗੁੱਸਾ ਸੀ ਇਸ ਲਈ ਉਸ ਨੇ ਇਹ ਕਦਮ ਚੁੱਕਿਆ ਹੈ। ਬਾਅਦ ਵਿੱਚ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰਖਿਆ ਪਹਿਲਾਂ ਦੇ ਮੁਕਾਬਲੇ ਹੋਰ ਕਰੜੀ ਕਰ ਦਿੱਤੀ ਗਈ ਸੀ। ਸੁਖਬੀਰ ਬਾਦਲ ਦੇ ਕਾਫਲੇ ‘ਤੇ ਪਥਰਾਅ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਉਹਨਾਂ ਦੇ ਬੇਟੇ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਲਾਲਾਬਾਦ ਦੇ ਪਿੰਡ ਕੰਧਵਾਲਾ ਹਾਜ਼ਿਰ ਖ਼ਾਨ ਨੇੜੇ ਲੋਕਾਂ ਨੇ ਕਾਫਲੇ ਉਤੇ ਅਚਾਨਕ ਪਥਰਾਅ ਕਰ ਦਿੱਤਾ ਸੀ। ਇਸ ਪਥਰਾਅ ਵਿੱਚ ਅਕਾਲੀ ਦਲ ਦੇ ਚਾਰ ਹਮਾਇਤੀ ਜ਼ਖ਼ਮੀ ਹੋ ਗਏ ਅਤੇ ਪੁਲੀਸ ਜਿਪਸੀ ਨੁਕਸਾਨੀ ਗਈ। ਸੁਖਬੀਰ ਬਾਦਲ ਵਾਲ ਵਾਲ ਬਚ ਗਏ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *