Breaking News
Home / Breaking News / ਕਿਸਾਨਾਂ ਵੱਲੋਂ 6 ਤੋਂ ਹੜਤਾਲ ਖ਼ਤਮ ਕਰਨ ਦਾ ਐਲਾਨ

ਕਿਸਾਨਾਂ ਵੱਲੋਂ 6 ਤੋਂ ਹੜਤਾਲ ਖ਼ਤਮ ਕਰਨ ਦਾ ਐਲਾਨ

ਚੜ੍ਹਦੀਕਲਾ ਬਿਊਰੋ
================
ਚੰਡੀਗੜ੍ਹ, 4 ਜੂਨ : ਪੰਜਾਬ ਵਿੱਚ ਕਿਸਾਨਾਂ, ਦੋਧੀਆਂ ਅਤੇ ਸਬਜ਼ੀ ਵੇਚਣ ਵਾਲਿਆਂ ਵਿਚਾਲੇ ਵਧ ਰਹੇ ਟਕਰਾਓ ਤੇ ਹੋਈਆਂ ਹਿੰਸਕ ਘਟਨਾਵਾਂ ਨੂੰ ਦੇਖਦੇ ਹੋਇਆਂ ਕਿਸਾਨ ਜਥੇਬੰਦੀਆਂ ਨੇ ਚਾਰ ਦਿਨਾਂ ਤੋਂ ਚਲ ਰਹੀ ਆਪਣੀ ਹੜਤਾਲ ਨੂੰ 6 ਜੂਨ ਤੋਂ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਇਹ ਹੜਤਾਲ 1 ਜੂਨ ਤੋਂ ਪੰਜਾਬ ਅਤੇ ਹੋਰ ਕਈ ਸੂਬਿਆਂ ਵਿੱਚ ਚਲ ਰਹੀ ਸੀ ਜੋ ਕਿ 10 ਜੂਨ ਤੱਕ ਚਲਣੀ ਸੀ। ਇਸ ਹੜਤਾਲ ਦੇ ਕਾਰਨ ਮੁੰਬਈ, ਦਿੱਲੀ, ਜੈਪੁਰ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਸਬਜ਼ੀਆਂ ਵਿੱਚ ਭਾਰੀ ਵਾਧਾ ਹੋਇਆ ਹੈ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਦੁਆਰਾ ਜਿਹੜੀ ਹੜਤਾਲ ਕੀਤੀ ਗਈ ਹੈ, ਉਸ ਤੋਂ ਸਰਕਾਰ ਕਾਫੀ ਘਬਰਾਈ ਹੋਈ ਹੈ ਅਤੇ ਉਹ ਹੁਣ ਕਿਸਾਨਾਂ ਨੂੰ ਵੰਡਣ ਦੀ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਕੁਝ ਗੈਰ-ਸਮਾਜੀ ਅੰਸਰ ਵੀ ਇਸ ਹੜਤਾਲ ਵਿੱਚ ਘੁਸਪੈਠ ਕਰ ਗਏ ਹਨ ਅਤੇ ਉਹ ਆਮ ਲੋਕਾਂ ਨੂੰ ਦੁਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੀ ਬੇਨਤੀ ਨੂੰ ਦੇਖਦੇ ਹੋਇਆ ਉਨ੍ਹਾਂ ਨੇ ਮਿਥੇ ਸਮੇਂ ਤੋਂ ਪਹਿਲਾਂ ਹੀ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਰਾਜੇਵਾਲ ਨੇ ਅੱਗੇ ਕਿਹਾ ਕਿ ਭਾਵੇਂ ਕਿ ਯੂਨੀਅਨ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਰੋਕ ਦੇਣ ਪਰ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਕਿਹਾ ਸੀ ਕਿ ਉਹ ਹਿੰਸਾ ਤੋਂ ਕੰਮ ਲੈਣ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਹੜਤਾਲ ਕੀਤੀ ਹੈ ਪਰ ਅਜਿਹੀਆਂ ਹਿੰਸਕ ਘਟਨਾਵਾਂ ਕਦੇ ਵੀ ਨਹੀਂ ਦੇਖੀਆਂ। ਰਾਜੇਵਾਲ ਨੇ ਕਿਹਾ ਕਿ ਅਲੱਗ-ਅਲੱਗ ਥਾਵਾਂ ਉਤੇ ਕਿਸਾਨਾਂ, ਦੁੱਧ ਅਤੇ ਸਬਜ਼ੀ ਵੇਚਣ ਵਾਲਿਆਂ ਵਿਚਾਲੇ ਝੜੱਪਾਂ ਦੀਆਂ ਖਬਰਾਂ ਨੂੰ ਦੇਖਦੇ ਹੋਇਆਂ ਉਨ੍ਹਾਂ ਨੇ ਇਹ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ।  ਯਾਦ ਰਹੇ ਕਿ ਸ਼ਨੀਵਾਰ ਨੂੰ ਕਿਸਾਨਾਂ ਅਤੇ ਡੇਅਰੀ ਮਾਲਕਾਂ ਵਿਚਾਲੇ ਗਰਮਾ-ਗਰਮੀ ਹੋ ਗਈ ਸੀ ਅਤੇ ਉਸ ਤੋਂ ਬਾਅਦ ਹਵਾਈ ਫਾਇਰ ਵੀ ਹੋ ਗਏ ਸਨ।
ਇਸ ਹੜਤਾਲ ਕਾਰਨ ਕਿਸਾਨਾਂ ਦੁਆਰਾ ਡੇਅਰੀ ਫਾਰਮਾਂ ਦੇ ਮਾਲਕਾਂ ਜੋ ਖ਼ੁਦ ਕਿਸਾਨ ਵੀ ਨੂੰ ਸਰਕਾਰ ਦੁਆਰਾ ਚਲਾਏ ਜਾਂਦੇ ਪਲਾਂਟਾਂ ਅਤੇ ਸ਼ਹਿਰਾਂ ਵਿੱਚ ਦੁੱਧ ਨਹੀਂ ਪਾਉਣ ਦਿੱਤਾ ਜਾ ਰਿਹਾ ਸੀ। ਕੁਝ ਵਪਾਰਕ ਡੇਅਰੀ ਮਾਲਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਡੇਅਰੀ ਫਾਰਮਾਂ ਦੇ ਮਾਲਕਾਂ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ ਅਤੇ ਉਹ ਇਸ ਹੜਤਾਲ ਤੋਂ ਪਿਛੇ ਹਟ ਗਏ ਹਨ। ਕੁਝ ਦਾ ਕਹਿਣਾ ਸੀ ਕਿ ਉਹ ਸੜਕਾਂ ਉਤੇ ਛਬੀਲ ਲਗਾ ਰਹੇ ਹਨ ਅਤੇ ਸਬਜ਼ੀਆਂ ਮੁਫਤ ਲੋਕਾਂ ਨੂੰ ਦੇ ਰਹੇ ਹਨ।
ਰਾਜੇਵਾਲ ਨੇ ਕਿਹਾ ਕਿ ਡੇਅਰੀ ਮਾਲਕਾਂ ਦੇ ਦਬਾਅ ਦੇ ਕਾਰਨ ਉਨ੍ਹਾਂ ਨੇ ਇਹ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *