Breaking News
Home / Breaking News / ਐਸ.ਸੀ./ਐਸ.ਟੀ. ਕਾਨੂੰਨ ਦਾ ਮਾਮਲਾ

ਐਸ.ਸੀ./ਐਸ.ਟੀ. ਕਾਨੂੰਨ ਦਾ ਮਾਮਲਾ

ਜਾਂਚ ‘ਚ ਜ਼ਰੂਰਤ ਹੋਵੇ ਤਾਂ ਕੀਤੀ ਜਾ ਸਕਦੀ ਹੈ ਗ੍ਰਿਫ਼ਤਾਰੀ: ਸੁਪਰੀਮ ਕੋਰਟ

ਨਵੀਂ ਦਿੱਲੀ, 3 ਮਈ (ਚੜ੍ਹਦੀਕਲਾ ਬਿਊਰੋ) : ਸੁਪਰੀਮ ਕੋਰਟ ਨੇ ਅੱਜ ਕੇਂਦਰ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਜਾਂਚ ਦੀ ਲੋੜ ਹੋਵੇ ਤਾਂ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਉਸ ਪਟੀਸ਼ਨ ਦੀ ਸੁਣਵਾਈ ਕਰ ਰਹੀ ਹੈ ਜਿਸ ਵਿਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਰੋਕੂ) ਕਾਨੂੰਨ ‘ਤੇ ਦਿੱਤੇ ਫ਼ੈਸਲੇ ‘ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ। 4 ਸੂਬਿਆਂ ਨੇ ਵੀ ਪੁਨਰਵਿਚਾਰ ਪਟੀਸ਼ਨ ਦਾਇਰ ਕੀਤੀ ਹੈ।
ਐਸ.ਸੀ./ਐਸ.ਟੀ. ਕਾਨੂੰਨ ਦੇ ਤਹਿਤ ਤੁਰੰਤ ਗ੍ਰਿਫ਼ਤਾਰੀ ਦੀ ਵਿਵਸਥਾ ‘ਤੇ ਰੋਕ ਲਗਾਉਣ ਦੇ ਹੁਕਮ ‘ਤੇ ਪੁਨਰ ਵਿਚਾਰ ਕਰਨ ਦੀ ਮੰਗ ਕਰਦੇ ਹੋਏ ਕੇਂਦਰ ਨੇ 2 ਅਪ੍ਰੈਲ ਨੂੰ ਕੋਰਟ ਦਾ ਰੁਖ਼ ਕੀਤਾ ਸੀ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਅਟਾਰਨੀ ਜਨਰਲ ਕੇ.ਕੇ. ਵੇਣੂੰ ਗੋਪਾਲ ਨੇ ਮਾਮਲੇ ਨਾਲ ਜੁੜੇ ਲਿਖਤ ਦਸਤਾਵੇਜ਼ ਕੋਰਟ ਵਿਚ ਦਾਖਲ ਕਰ ਦਿੱਤੇ ਹਨ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਜੱਜ ਏ.ਕੇ. ਗੋਇਲ ਅਤੇ ਦੀਪਕ ਗੁਪਤਾ ਦਾ ਸੰਵਿਧਾਨਕ ਬੈਂਚ ਮਾਮਲੇ ਦੀ ਸੁਣਵਾਈ ਕਰੇਗਾ। ਵੇਣੂੰ ਗੋਪਾਲ ਨੇ ਕਿਹਾ ਕਿ ਅਦਾਲਤ ਦੀ ਮੰਗ ‘ਤੇ ਅਸੀਂ ਲਿਖਤ ਦਸਤਾਵੇਜ਼ ਜਮ੍ਹਾਂ ਕਰ ਲਏ ਹਨ। 4 ਸੂਬਿਆਂ ਨੇ ਪੁਨਰਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਸ ਤੋਂ ਬਾਅਦ ਜਸਟਿਸ ਗੋਇਲ ਨੇ ਮਾਮਲੇ ਦੀ ਸੁਣਵਾਈ ਲਈ 3 ਮਈ ਦੀ ਤਾਰੀਕ ਤੈਅ ਕੀਤੀ ਸੀ। ਵਰਣਨਯੋਗ ਹੈ ਕਿ 20 ਮਾਰਚ ਨੂੰ ਆਪਣੇ ਫ਼ੈਸਲੇ ਵਿਚ ਸੁਪਰੀਮ ਕੋਰਟ ਨੇ ਅਨੁਸੂਚਿਤ ਜਾਤੀ, ਜਨਜਾਤੀ ਅਤਿਆਚਾਰ ਰੋਕੂ ਕਾਨੂੰਨ ਦੇ ਤਹਿਤ ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਸੀ। ਸਰਕਾਰ ਨੇ ਵੀ ਹਰ ਪਹਿਲੂ ‘ਤੇ ਵਿਚਾਰ ਕਰਨ ਤੋਂ ਬਾਅਦ 2 ਅਪ੍ਰੈਲ ਨੂੰ ਇਸ ਫ਼ੈਸਲੇ ‘ਤੇ ਪੁਨਰਵਿਚਾਰ ਦੇ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਸਰਕਾਰ ਵੱਲੋਂ ਇਹ ਵੀ ਸੰਕੇਤ ਦਿੱਤੇ ਜਾ ਚੁੱਕੇ ਹਨ ਕਿ ਅਦਾਲਤ ਨੇ ਜੇਕਰ ਆਪਣਾ ਰੁਖ਼ ਨਾ ਬਦਲਿਆ ਤਾਂ ਫਿਰ ਆਰਡੀਨੈਂਸ ਲਿਆ ਕੇ ਪੁਰਾਣੇ ਕਾਨੂੰਨ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਵੇਣੂੰ ਗੋਪਾਲ ਨੇ ਅਨੁਸੂਚਿਤ ਜਾਤੀ, ਜਨਜਾਤੀ ਕਾਨੂੰਨ ਸਬੰਧੀ ਮਾਮਲੇ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਵਿਸ਼ੇਸ਼ ਬੈਂਚ ਹਵਾਲੇ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਿਵਸਥਾ ਨਾਲ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਬੈਂਚ ਨੇ ਆਪਣੇ 20 ਮਾਰਚ ਦੇ ਫ਼ੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਅਨੁਸੂਚਿਤ ਜਾਤੀ, ਜਨਜਾਤੀ ਕਾਨੂੰਨ ‘ਤੇ ਆਪਣੀ ਵਿਵਸਥਾ ਬਾਰੇ ਫ਼ੈਸਲਾ ਕਰਦੇ ਸਮੇਂ ਸੁਪਰੀਮ ਕੋਰਟ ਨੇ ਕਿਸੇ ਨਿਚੋਰ ‘ਤੇ ਪਹੁੰਚਣ ਤੋਂ ਪਹਿਲਾਂ ਸਾਰੇ ਪਹਿਲੂਆਂ ਅਤੇ ਫਾਇਦਿਆਂ ‘ਤੇ ਵਿਚਾਰ ਕੀਤਾ ਸੀ। ਬੈਂਚ ਨੇ ਕਿਹਾ ਕਿ ਉਹ 100 ਫੀਸਦੀ ਇਨ੍ਹਾਂ ਭਾਈਚਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ‘ਤੇ ਅਤਿਆਚਾਰ ਦੇ ਦੋਸ਼ੀ ਵਿਅਕਤੀਆਂ ਨੂੰ ਸਜ਼ਾ ਦੇਣ ਦੇ ਪੱਖ ‘ਚ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *