Breaking News
Home / Breaking News / ਆਮ ਆਦਮੀ ਪਾਰਟੀ ਭਰਮ ਭੁਲੇਖਿਆਂ ਵਿੱਚ

ਆਮ ਆਦਮੀ ਪਾਰਟੀ ਭਰਮ ਭੁਲੇਖਿਆਂ ਵਿੱਚ

ਦਰਸ਼ਨ ਸਿੰਘ ਦਰਸ਼ਕ
===============
ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ‘ਆਪ’ ਨੇਤਾਵਾਂ ਦੇ ਮੁੱਖ ਮੰਤਰੀ ਦੇ ਨਿਵਾਸ ਨੂੰ ਘੇਰਨ ਦੇ ਮਨਸੂਬਿਆਂ ਨੂੰ ਜਿਸ ਤਰ੍ਹਾਂ ਅਸਫਲ ਕੀਤਾ ਉਸ ਤੋਂ ਉਨ੍ਹਾਂ ਨੂੰ ਕੁਝ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਪੁਰਾਣੇ ਲੀਡਰਾਂ ਅਤੇ ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਛੇਤੀ ਕੀਤਿਆਂ ਖੂੰਜੇ ਨਹੀਂ ਲਗਾਇਆ ਜਾ ਸਕਦਾ।  ਇਹ ਠੀਕ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਥੇ ਆਪਣੀ ਸਰਕਾਰ ਬਣਾਈ, ਪਰ ਉਥੇ ਸਥਾਨਕ ਸਰਕਾਰਾਂ ਦੀਆਂ ਜਿਹੜੀਆਂ ਉਪ ਚੋਣਾਂ ਹੋਈਆਂ ਹਨ, ਉਸ ਦੇ ਨਤੀਜੇ ਇਹ ਵੀ ਦੱਸਦੇ ਹਨ ਕਿ ਹੁਣ ਪਾਰਟੀ ਦਾ ਪਹਿਲਾ ਵਾਲਾ ਪ੍ਰਭਾਵ ਨਹੀਂ ਰਿਹਾ। ਬੇਸ਼ੱਕ ਉਸ ਨੇ 5 ਸੀਟਾਂ ਜਿੱਤੀਆਂ ਹਨ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਦੇਖੀਏ ਤਾਂ ਇਨ੍ਹਾਂ ਸਾਰੀਆਂ ਸੀਟਾਂ ‘ਤੇ ਉਸ ਦਾ ਕਬਜ਼ਾ ਹੋਣਾ ਚਾਹੀਦਾ ਸੀ।
ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ 4 ਸੀਟਾਂ ਜਿੱਤੀਆਂ।  ਉਸ ਦੇ ਮੱਦੇਨਜ਼ਰ ਅੱਜ ਪਾਰਟੀ ਪੂਰੇ ਉਤਸ਼ਾਹ ਵਿੱਚ ਹੈ ਕਿ ਉਹ ਇਸ ਵਾਰ ਪੰਜਾਬ ਵਿੱਚ ਸਿਆਸੀ ਬਦਲਾਓ ਲੈ ਕੇ ਆਵੇਗੀ। ਇਸ ਦੇ ਨਾਲ-ਨਾਲ ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ 4 ਮੈਂਬਰ ਪਾਰਲੀਮੈਂਟ ਜਿੱਤੇ ਸਨ, ਉਨ੍ਹਾਂ ਵਿਚੋਂ 2 ਤਾਂ ਪਹਿਲਾਂ ਹੀ ਉਸ ਤੋਂ ਅਲੱਗ ਹੋ ਗਏ ਹਨ। ਇਹ ਸਾਂਸਦ ਡਾ. ਧਰਮਵੀਰ ਗਾਂਧੀ ਅਤੇ ਸ੍ਰ. ਹਰਿੰਦਰ ਸਿੰਘ ਖਾਲਸਾ ਹਨ। ਇਹ ਲੀਡਰ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਹਨ। ਦੂਜੇ ਪਾਸੇ ਜਿਸ ਆਮ ਆਦਮੀ ਪਾਰਟੀ ਦੁਆਰਾ ਪੰਜਾਬ ਵਿੱਚ ਸੱਤਾ ਹਾਸਲ ਕਰਨ ਦੇ ਸੁਪਨੇ ਲਏ ਜਾ ਰਹੇ ਹਨ, ਉਸ ਦੁਆਰਾ ਥਾਂ-ਥਾਂ ‘ਤੇ ਆਪਣੇ ਸਟੈਂਡ ਬਦਲੇ ਜਾ ਰਹੇ ਹਨ। ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਵਿੱਚ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਪੰਜਾਬ ਦੇ ਪਾਣੀਆਂ ‘ਤੇ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਹੈ ਪਰ ਸੁਪਰੀਮ ਕੋਰਟ ਵਿੱਚ ਜਾ ਕੇ ਇਸ ਪਾਰਟੀ ਦਾ ਸਟੈਂਡ ਹੀ ਬਦਲ ਜਾਂਦਾ ਹੈ। ਇਹੀ ਕਾਰਨ ਹੈ ਕਿ ਸ੍ਰ. ਬਾਦਲ ਨੂੰ ਸਤਲੁਜ ਯੁਮਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਆਪ ਨੂੰ ਗਿਰਗਿਟ ਵਾਂਗ ਰੰਗ ਬਦਲਣ ਵਾਲੀ ਪਾਰਟੀ ਕਹਿਣਾ ਪਿਆ। ਆਪ ਨਾਲੋਂ ਤਾਂ ਪਾਣੀਆਂ ਦੇ ਮਾਮਲੇ ਵਿੱਚ ਕਾਂਗਰਸ ਦਾ ਸਟੈਂਡ ਕਈ ਗੁਣਾ ਵਧੀਆ ਹੈ। ਪੰਜਾਬ ਵਿੱਚ ਰਾਜ ਕਰਨ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਦੀਆਂ ਮਨੋਭਾਵਨਾਵਾਂ ਦੀ ਕਦਰ ਕੀਤੀ ਜਾਵੇ। ਸਾਰੇ ਜਾਣਦੇ ਹਨ ਕਿ ਸ੍ਰ. ਭਗਤ ਸਿੰਘ ਦਾ ਸਬੰਧ ਸਿੱਖ ਪਰਿਵਾਰ ਨਾਲ ਸੀ। ਇਹੀ ਕਾਰਨ ਹੈ ਕਿ ਸੰਸਦ ਵਿੱਚ ਅਤੇ ਹੁਸੈਨੀਵਾਲਾ ਵਿਖੇ ਸ੍ਰ. ਭਗਤ ਸਿੰਘ ਦੇ ਸਿੱਖੀ ਸਰੂਪ ਵਾਲੇ ਬੁੱਤ ਲਗਾਏ ਗਏ ਹਨ ਪਰ ਕੇਜਰੀਵਾਲ ਨੇ ਦਿੱਲੀ ਵਿੱਚ ਸ੍ਰ. ਭਗਤ ਸਿੰਘ ਦਾ ਟੋਪੀ ਵਾਲਾ ਬੁੱਤ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਲਗਾਇਆ। ਆਮ ਆਦਮੀ ਪਾਰਟੀ ਦੇ ਲੀਡਰ ਤਾਂ ਇਥੋਂ ਤੱਕ ਵੀ ਕਹਿੰਦੇ ਹਨ ਕਿ ਕੇਜਰੀਵਾਲ ਨੂੰ ਸਿੱਖ ਪਸੰਦ ਹੀ ਨਹੀਂ ਹਨ। ਸ੍ਰ. ਖਾਲਸਾ ਜਿਹੜੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਫਤਿਹਗੜ੍ਹ ਲੋਕ ਸਭਾ ਹਲਕੇ ਤੋਂ ਜਿੱਤ ਕੇ ਆਏ, ਦਾ ਕਹਿਣਾ ਹੈ ਕਿ ਕੇਜਰੀਵਾਲ ਸਿੱਖਾਂ ਪ੍ਰਤੀ ਚੰਗਾ ਪ੍ਰਭਾਵ ਹੀ ਨਹੀਂ ਰੱਖਦੇ। ਦਿੱਲੀ ਵਿੱਚ ਸੀਸ ਗੰਜ ਗੁਰਦੁਆਰਾ ਵਿਖੇ ਪਿਆਓ ਤੋੜ ਦਿੱਤਾ। ਮੁੱਖ ਮੰਤਰੀ ਕੇਜਰੀਵਾਲ ਨੇ ਸਪਸ਼ਟੀਕਰਨ ਦਿੱਤਾ ਕਿ ਇਸ ਤੋੜ ਫੋੜ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਪਰ ਬਤੌਰ ਮੁੱਖ ਮੰਤਰੀ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਸਿੱਖ ਸੰਗਤ ਕੋਲ ਜਾਂਦੇ ਅਤੇ ਆਪਣੀ ਸਥਿਤੀ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਂਦੇ। ਸਿੱਖਾਂ ਅਤੇ ਨਿਰੰਕਾਰੀਆਂ ਦੇ ਟਕਰਾਓ ਬਾਰੇ ਤਾਂ ਕੇਜਰੀਵਾਲ ਜਾਣਦੇ ਹੀ ਹਨ। ਪੰਜਾਬ ਵਿੱਚ ਜੇਕਰ ਅਤਿਵਾਦ ਫੈਲਿਆ ਸੀ ਤਾਂ ਇਸ ਦਾ ਕਾਰਨ ਹੀ ਨਿਰੰਕਾਰੀਆਂ ਦੁਆਰਾ ਸਿੱਖ ਸਿਧਾਂਤਾਂ ਦਾ ਘਾਣ ਕਰਨਾ ਸੀ। 14 ਨਵੰਬਰ 2015 ਨੂੰ ਕੇਜਰੀਵਾਲ ਨਿਰੰਕਾਰੀ ਸਮਾਗਮ ਵਿੱਚ ਗਏ ਅਤੇ ਉਥੇ ਭਾਸ਼ਨ ਵੀ ਦਿੱਤਾ ਅਤੇ ਕਿਹਾ ਕਿ ਉਹ ਜੇਕਰ ਮੁੱਖ ਮੰਤਰੀ ਬਣੇ ਹਨ ਤਾਂ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੇ ਅਸ਼ੀਰਵਾਦ ਨਾਲ ਹੀ ਬਣੇ ਹਨ। ਹੁਣ ਜਦੋਂ ਉਹ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਆਰੰਭ ਕਰ ਰਹੇ ਹਨ ਤਾਂ ਇਹ ਦੱਸਣਗੇ ਕਿ ਹੁਣ ਨਿਰੰਕਾਰੀਆਂ ਬਾਰੇ ਉਨ੍ਹਾਂ ਦਾ ਕੀ ਸਟੈਂਡ ਹੈ। ਇਹ ਸਵਾਲ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਨੂੰ ਕਰਨਾ ਚਾਹੀਦਾ ਹੈ। ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਮੌਤ ‘ਤੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਹੈ ਕਿ ਉਹ ਇਕ ਅਧਿਆਤਮਿਕ ਸੰਤ ਸਨ। ਇਸ ਕਾਰਨ ਬਹੁਤ ਸਾਰੇ ਸਿੱਖ ਲੀਡਰਾਂ ਨੇ ‘ਪੰਜਾਬ ਦੇ ਕੈਪਟਨ’ ਦੀ ਨਿਖੇਧੀ ਕੀਤੀ ਹੈ। ਇਹੀ ਲੀਡਰ ਕੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਇਹੋ ਜਿਹੇ ਸਵਾਲ ਪੁੱਛਣਗੇ।
ਇਹ ਠੀਕ ਹੈ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ 9 ਸਾਲਾਂ ਵਿੱਚ ਉਹ ਕੁਝ ਨਹੀਂ ਕੀਤਾ ਜਿਸ ਦੀ ਕਿ ਲੋਕ ਆਸ ਰੱਖਦੇ ਸਨ। ਆਮ ਆਦਮੀ ਪਾਰਟੀ ਜਿਹੜੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਦਾ ਘੇਰਾਓ ਕਰਨ ਗਈ ਸੀ ਉਹ ਵੀ ਵਾਜਬ ਹਨ। ਵਾਅਦੇ ਪੂਰੇ ਨਾ ਹੋਣ ਕਰਕੇ  ਲੋਕਾਂ ਦੇ ਮਨਾਂ ਵਿੱਚ ਬਹੁਤ ਗੁੱਸਾ ਵੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਕਾਲੀ ਅਤੇ ਕਾਂਗਰਸੀ ਵੋਟਰ ਵੀ ਆਮ ਆਦਮੀ ਪਾਰਟੀ ਵੱਲ ਆਕਰਸ਼ਿਤ ਹੋ ਗਏ ਹਨ। ਉਪਰੋਂ ਮੀਡੀਏ ਨੇ ਆਪ ਲੀਡਰਾਂ ਨੂੰ ਹਵਾ ਛਕਾ ਦਿੱਤੀ ਹੈ ਕਿ ਉਨ੍ਹਾਂ ਦੇ ਸਰਵੇਖਣ ਦੇ ਮੁਤਾਬਿਕ ਆਮ ਆਦਮੀ ਪਾਰਟੀ 100 ਦੇ ਕਰੀਬ ਸੀਟਾਂ ਜਿੱਤਣ ਜਾ ਰਹੀ ਹੈ। ਇਹੋ ਜਿਹਾ ਹੀ ਇਕ ਸਮੇਂ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਹੋਇਆ ਸੀ। ਮਾਘੀ ਮੌਕੇ ਅਤੇ ਖਟਕੜ ਕਲਾਂ ਵਿਖੇ ਲੋਕਾਂ ਦੇ ਇਕੱਠ ਨੂੰ ਦੇਖਦੇ ਹੋਏ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਪੂਰਾ ਪੰਜਾਬ ਹੀ ਪੰਜਾਬ ਪੀਪਲਜ਼ ਪਾਰਟੀ ਦੇ ਪਿਛੇ ਲੱਗ ਗਿਆ ਹੋਵੇ ਪਰ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਇਸ ਪਾਰਟੀ ਦਾ ਇਕ ਵੀ ਮੈਂਬਰ ਵਿਧਾਨ ਸਭਾ ਵਿੱਚ ਨਹੀਂ ਜਾ ਸਕਿਆ। ਇਹ ਠੀਕ ਹੈ ਕਿ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਲਹਿਰ ਚੱਲੀ ਸੀ, ਉਦੋਂ ਚਾਰ ਮੈਂਬਰ ਵੀ ਪਾਰਲੀਮੈਂਟ ਵਿੱਚ ਚਲੇ ਗਏ ਸਨ ਪਰ ਕੁਝ ਹੀ ਸਮੇਂ ਮਗਰੋਂ ਜਦੋਂ ਪਟਿਆਲਾ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਇਸ ਸੀਟ ਤੋਂ ਕਾਂਗਰਸ  ਉਮੀਦਵਾਰ ਪ੍ਰਨੀਤ ਕੌਰ ਜੇਤੂ ਬਣ ਕੇ ਉਭਰੀ। ਜਿਵੇਂ ਭਾਰਤ ਵਿੱਚ ਹੁਣ ਮੋਦੀ ਲਹਿਰ ਸੀ, ਉਸੇ ਪ੍ਰਕਾਰ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਲਹਿਰ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੀ ਜਿਸ ਪ੍ਰਕਾਰ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ, ਉਸ ਤੋਂ ਵੀ ਲੋਕ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਕਾਂਰਗਸ ਨੂੰ ਵੀ ਘੱਟ ਕਰ ਕੇ ਨਹੀਂ ਜਾਣਿਆ ਜਾ ਸਕਦਾ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਸਿਆਸੀ ਮਾਹੌਲ ਬਹੁਤ ਗੁੰਝਲਦਾਰ ਬਣਿਆ ਹੋਇਆ ਹੈ। ਸਥਿਤੀ ਸਪਸ਼ਟ ਨਹੀਂ ਹੈ। ਜਿਹੜੇ ਲੋਕ ਖਾਸ ਕਰਕੇ ਸਿਆਸੀ ਮਾਹਿਰ ਇਹ ਕਹਿ ਰਹੇ ਹਨ ਕਿ ਲਹਿਰ ਸਿਰਫ ਆਮ ਆਦਮੀ ਪਾਰਟੀ ਦੀ ਹੈ, ਅਸਲ ਵਿੱਚ ਉਨ੍ਹਾਂ ਦੇ ਮਸਤਕ ‘ਤੇ ਆਮ ਆਦਮੀ ਪਾਰਟੀ ਦੀ ਸੋਚ ਭਾਰੂ ਹੋ ਚੁੱਕੀ ਹੈ। ਅਜਿਹਾ ਵੀ ਨਹੀਂ ਹੈ ਕਿ ਆਪ ਦੇ ਅੱਲੇ-ਪੱਲੇ ਕੁਝ ਨਹੀਂ ਹੈ, ਉਹ ਜੇਕਰ ਮੈਦਾਨ ਵਿੱਚ ਹੈ ਤਾਂ ਕੁਝ ਨਾ ਕੁਝ ਕਰੇਗੀ ਹੀ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਸਭ ਕੁਝ ਉਹੀ ਕਰੇਗੀ। ਪੰਜਾਬ ਦੀ ਸਿਆਸਤ ਵਿੱਚ ਬੈਂਸ ਭਰਾ ਅਤੇ ਜਗਮੀਤ ਸਿੰਘ ਬਰਾੜ ਵਰਗੇ ਸਿਆਸੀ ਤੌਰ ‘ਤੇ ਹੱਥ ਪੈਰ ਮਾਰ ਰਹੇ ਹਨ, ਇਨ੍ਹਾਂ ਦੁਆਰਾ ਕਿਸ-ਕਿਸ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਇਸ ਵਿਚਾਰਨ ਵਾਲੀ ਗੱਲ ਹੈ।
-੯੮੫੫੫-੦੮੯੧੮

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *