Home / Breaking News / ਅੰਨ੍ਹਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ … ਕਾਂਗਰਸ ਸੀਟਾਂ ‘ਤੇ ਕਾਬਜ਼ ਪਰਿਵਾਰਾਂ ਨੂੰ ਹੀ ਦਿੱਤੀ ਜਾ ਰਹੀ ਹੈ ਹੱਲਾਸ਼ੇਰੀ

ਅੰਨ੍ਹਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ … ਕਾਂਗਰਸ ਸੀਟਾਂ ‘ਤੇ ਕਾਬਜ਼ ਪਰਿਵਾਰਾਂ ਨੂੰ ਹੀ ਦਿੱਤੀ ਜਾ ਰਹੀ ਹੈ ਹੱਲਾਸ਼ੇਰੀ

ਚੰਡੀਗÎੜ੍ਹ, 28 ਦਸੰਬਰ (ਚ.ਨ.ਸ.): ਕਾਂਗਰਸ ਵਲੋਂ ਜਿਹੜੀਆਂ ਟਿੱਕਟਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਭਾਵੇਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਿਰਫ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਮੈਦਾਨ ਵਿੱਚ ਉਤਾਰ ਰਹੀ ਹੈ, ਪਰ ਬਰੀਕੀ ਨਾਲ ਦੇਖਿਆ ਜਾਵੇ ਤਾਂ ਇਹ ਕਹਾਵਤ ਵੀ ਸੱਚ ਹੁੰਦੀ ਹੈ ਕਿ ‘ਅੰਨ੍ਹਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ।’ ਇਸ ਵਾਰ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਉਨ੍ਹਾਂ ਪੁਰਾਣੇ ਟਕਸਾਲੀ ਕਾਂਗਰਸੀਆਂ ਦੇ ਪਰਿਵਾਰ ਵਿਚੋਂ ਹੀ ਜ਼ਿਆਦਾਤਰ ਟਿੱਕਟਾਂ ਦੇ ਰਹੀ ਹੈ ਜਿਹੜੇ ਉਨ੍ਹਾਂ ਸੀਟਾਂ ‘ਤੇ ਪਹਿਲਾਂ ਤੋਂ ਹੀ ਕਾਬਜ਼ ਰਹੇ ਹਨ। ਦੂਸਰੇ ਚਾਹਵਾਨਾਂ ਨੂੰ ਘੱਟ ਟਿੱਕਟਾਂ ਹੀ ਦਿੱਤੀਆਂ ਹਨ। ਪਟਿਆਲਾ ਵਿਧਾਨ ਸਭਾ ਹਲਕਾ ਜਿਥੋਂ ਸ਼੍ਰੀਮਤੀ ਪ੍ਰਨੀਤ ਕੌਰ ਪਿਛਲੀ ਜ਼ਿਮਨੀ ਚੋਣ ਜਿੱਤੀ ਸੀ ਵਲੋਂ ਇਹ ਸੀਟ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਲਈ ਛੱਡੀ ਜਾ ਰਹੀ ਹੈ। ਇਸੇ ਪ੍ਰਕਾਰ ਨਵਾਂ ਸ਼ਹਿਰ  ਦੇ ਵਿਧਾਇਕ ਗੁਰਇਕਬਾਲ ਬਬਲੀ ਦੁਆਰਾ ਇਹ ਸੀਟ ਆਪਣੇ ਪੁੱਤਰ ਅੰਗਦ ਸੈਣੀ ਲਈ ਛੱਡੀ ਜਾ ਰਹੀ ਹੈ। 25 ਸਾਲਾ ਅੰਗਦ ਇਥੋਂ ਇਸ ਵਾਰ ਨੌਜਵਾਨ ਉਮੀਦਵਾਰ ਬਣੇਗਾ।  ਕਾਦੀਆਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚਰਨਜੀਤ ਬਾਜਵਾ ਨੇ ਆਪਣੇ ਦਿਓਰ ਫਤਿਹਜੰਗ ਬਾਜਵਾ ਲਈ ਕੁਰਬਾਨ ਕਰ ਦਿੱਤੀ ਹੈ। ਫਤਿਹਜੰਗ ਬਾਜਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਹੈ। ਪਿਛਲੀਆਂ ਦੋ ਚੋਣਾਂ ਦੌਰਾਨ ਫਤਿਹਜੰਗ ਹਾਰ ਗਿਆ ਸੀ। ਕਾਦੀਆਂ ਬਾਜਵਾ ਪਰਿਵਾਰ ਦੀ ਸੀਟ ਮੰਨੀ ਜਾਂਦੀ ਹੈ।  ਪਹਿਲੀ 61 ਉਮੀਦਵਾਰਾਂ ਦੀ ਸੂਚੀ ਵਿੱਚ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਇਹੀ ਅਹਿਸਾਸ ਹੁੰਦਾ ਹੈ ਕਿ ਕਾਂਗਰਸ ਨੇ ਇਸ ਪਰਿਵਾਰਵਾਦ ਨੂੰ ਹੀ ਹੱਲਾਸ਼ੇਰੀ ਦਿੱਤੀ ਹੈ ਅਤੇ ਜੇਕਰ ਪਰਿਵਾਰ ਦੇ ਮੁਖੀ ਨੂੰ ਟਿੱਕਟ ਨਹੀਂ ਦਿੱਤੀ ਤਾਂ ਉਸ ਦੇ ਪੁੱਤਰ ਨੂੰ ਟਿੱਕਟ ਦਿੱਤੀ ਗਈ ਹੈ। ਜੰਡਿਆਲਾ ਰਾਖਵੇਂ ਹਲਕੇ ਤੋਂ ਸੁਖਵਿੰਦਰ ਡੈਨੀ ਨੂੰ ਟਿੱਕਟ ਦਿੱਤੀ ਗਈ ਹੈ ਜੋ ਕਿ ਸਾਬਕਾ ਮੰਤਰੀ ਸਰਦੂਲ ਸਿੰਘ ਦਾ ਬੇਟਾ ਹੈ। ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਡੇਰਾ ਬਾਬਾ ਨਾਨਕ ਤੋਂ ਫਿਰ ਮੈਦਾਨ ਵਿੱਚ ਉਤਾਰਿਆ ਹੈ  ਅਤੇ ਇਸੇ ਪ੍ਰਕਾਰ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਫਤਿਹਗੜ੍ਹ ਚੂੜੀਆਂ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਹ ਦੋਵੇਂ ਉਮੀਦਵਾਰ ਪੁਰਾਣੇ ਸਿਆਸੀ ਪਰਿਵਾਰਾਂ ਵਿੱਚੋਂ ਹਨ।  ਖੰਨਾ ਤੋਂ ਸਿਟਿੰਗ ਵਿਧਾਇਕ ਗੁਰਕੀਰਤ ਕੋਟਲੀ ਨੂੰ ਟਿੱਕਟ ਦਿੱਤੀ ਗਈ ਹੈ।  ਗੁਰਕੀਰਤ ਮਰਹੂਮ ਬੇਅੰਤ ਸਿੰਘ ਦਾ ਪੋਤਾ ਹੈ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਲੁਧਿਆਣਾ ਪੂਰਬੀ ਤੋਂ ਟਿੱਕਟ ਲੈਣ ਦਾ ਚਾਹਵਾਨ ਹੈ। ਤਿਵਾੜੀ ਦਾ ਪਿਛੋਕੜ ਵੀ ਸਿਆਸੀ ਪਰਿਵਾਰ ਵਿਚੋਂ ਹੀ ਹੈ।  ਪਾਰਟੀ ਲੀਡਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਇਸ ਵਾਰ ਇਕ ਨਿਯਮ ਨੂੰ ਅਪਣਾਇਆ ਹੈ ਕਿ ਇਕ ਪਰਿਵਾਰ ਨੂੰ ਇਕ ਟਿੱਕਟ ਮਿਲੇ। ਦੂਜਾ ਇਸ
ਗੱਲ ਨੂੰ ਵੀ ਪੱਕਾ ਕੀਤਾ ਹੈ ਕਿ ਜਿਹੜਾ ਪਰਿਵਾਰ ਪਿਛਲੇ ਸਮੇਂ ਦੌਰਾਨ ਜਿਹੜੀ ਸੀਟ ਤੋਂ ਲੜਿਆ ਸੀ ਉਸੇ ਸੀਟ ਤੋਂ ਉਸ ਨੂੰ ਦੁਬਾਰਾ ਉਤਾਰਿਆ ਜਾਵੇ। ਖੇਮ ਕਰਨ ਤੋਂ ਭੁੱਲਰ ਪਰਿਵਾਰ ਦੇ ਤਿੰਨ ਮੈਂਬਰ ਚੋਣ ਲੜਨ ਦੇ ਚਾਹਵਾਨ ਹਨ। ਜੀ ਐਸ ਭੁੱਲਰ ਜੋ ਕਿ ਪਹਿਲਾਂ ਇਥੋਂ ਚੋਣ ਲੜਦੇ ਆ ਰਹੇ ਸਨ, ਇਸ ਲਈ ਉਨ੍ਹਾਂ ਨੇ ਫਿਰ ਤੋਂ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ। ਇਥੋ ਹੀ ਉਸ ਦੇ ਬੇਟਿਆਂ ਅਨੂਪ ਸਿੰਘ ਅਤੇ ਛੋਟੇ ਬੇਟੇ ਸੁਖਪਾਲ ਸਿੰਘ ਨੇ ਵੀ ਚੋਣ ਲੜਨ ਲਈ ਅਰਜ਼ੀ ਦਿੱਤੀ ਸੀ।  ਕਾਂਗਰਸ ਨੇ ਵੱਡੇ ਭੁੱਲਰ ਦੀ ਇੱਛਾ ਦੇ ਉਲਟ ਸੁਖਪਾਲ ਸਿੰਘ ਭੁੱਲਰ ਨੂੰ ਟਿੱਕਟ ਦੇ ਦਿੱਤੀ। ਕਰਤਾਰਪੁਰ ਰਾਖਵਾਂ ਹਲਕੇ ਤੋਂ ਕਾਂਗਰਸ ਨੇ ਸੁਰਿੰਦਰ ਸਿੰਘ ਨੂੰ ਟਿੱਕਟ ਦਿੱਤੀ ਜੋ ਕਿ ਦਲਿਤ ਆਗੂ ਸਵਰਗੀ ਜਗਜੀਤ ਸਿੰਘ ਦਾ ਬੇਟਾ ਹੈ।  ਸ਼ਾਮ ਚੁਰਾਸੀ ਤੋਂ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ ਤੇ ਨਾਲ-ਨਾਲ ਉਸ ਦੀ ਬੇਟੀ ਨੇ ਇਥੋਂ ਅਰਜ਼ੀ ਪਾਈ ਹੈ। ਲਹਿਰਾ ਤੋਂ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਜਿੰਦਰ ਕੌਰ ਭੱਠਲ ਆਪਣੇ ਬੇਟੇ ਲਈ ਵੀ ਟਿੱਕਟ ਚਾਹੁੰਦੀ ਸੀ ਪਰ ਪਾਰਟੀ ਨੇ ਬੀਬੀ ਭੱਠਲ ਨੂੰ ਹੀ ਇਸ ਸੀਟ ਤੋਂ ਦੁਬਾਰਾ ਉਤਾਰਿਆ ਹੈ। ਇਸੇ ਪ੍ਰਕਾਰ ਸਨੌਰ ਤੋਂ ਲਾਲ ਸਿੰਘ ਲੜਨਾ ਚਾਹ ਰਹੇ ਹਨ ਅਤੇ ਆਪਣੇ ਬੇਟੇ ਲਈ ਸਮਾਣਾ ਦੀ ਸੀਟ ਚਾਹ ਰਹੇ ਹਨ।  ਕਾਂਗਰਸ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਜੇਕਰ ਲਾਲ ਸਿੰਘ ਜਾਂ ਉੇਸ ਦੇ ਬੇਟੇ ਨੂੰ ਕਿਸੇ ਹੋਰ ਹਲਕੇ ਤੋਂ ਉਤਾਰ ਦਿੱਤਾ ਤਾਂ ਸਨੌਰ ਸੀਟ ਦਾ ਕੀ ਬਣੇਗਾ। ਇਕ ਸੀਨੀਅਰ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਜੇਕਰ ਇਸੇ ਪ੍ਰਕਾਰ ਸਿਆਸੀ ਪਰਿਵਾਰਾਂ ਵਿਚੋਂ ਟਿੱਕਟਾਂ ਦਿੱਤੀਆਂ ਜਾਂਦੀਆਂ ਰਹੀਆਂ ਤਾਂ ਭਵਿੱਖ ਵਿੱਚ ਕਿਸੇ ਹੋਰ ਨੂੰ ਤਾਂ ਟਿੱਕਟ ਹੀ ਨਹੀਂ ਮਿਲੇਗੀ। ਭਾਵੇਂ ਗੁਰਦਾਸਪੁਰ ਤੋਂ ਕਾਂਗਰਸ ਨੇ ਨਵੇਂ ਉਮੀਦਵਾਰ ਬਰਿੰਦਰਜੀਤ ਸਿੰਘ ਪਾਹਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਪਰ ਉਹ ਵੀ ਸਿਆਸੀ ਪਰਿਵਾਰ ਵਿਚੋਂ ਹੈ।  ਉਸ ਦਾ ਦਾਦਾ ਵਿਧਾਇਕ ਰਿਹਾ ਹੈ ਅਤੇ ਉਹ ਇਕ ਸੀਨੀਅਰ ਅਕਾਲੀ ਲੀਡਰ ਸੀ। ਜਦੋਂ ਇਹ ਸਵਾਲ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਲਹਿਰ ਦੇ ਸਮੇਂ ਕਾਂਗਰਸ ਪਰਿਵਾਰਵਾਦ ਨਾਲ ਕਿਸ ਪ੍ਰਕਾਰ ਟੱਕਰ ਦੇ ਸਕੇਗੀ ਤਾਂ ਇਕ ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ ਵਿੱਚ ਸਿਆਸੀ ਪਰਿਵਾਰਾਂ ਦਾ ਮਹੱਤਵ ਹੈ। ਕਾਂਗਰਸ ਸੰਘਰਸ਼ ਵਿੱਚੋਂ ਜਨਮੀ ਹੋਈ ਲਹਿਰ ਹੈ। ਇਹ ਕੈਡਰ ਵਾਲੀ ਪਾਰਟੀ ਨਹੀਂ ਹੈ। ਇਸ ਲਈ ਕਿਸੇ ਪਰਿਵਾਰ ਵਿਚੋਂ ਉਮੀਦਵਾਰ ਨੂੰ ਖੜ੍ਹਾ ਕਰਨ ਵਿੱਚ ਕੋਈ ਗਲਤ ਗੱਲ ਨਹੀਂ ਹੈ। ਆਪ  ਵਲੋਂ ਆਮ ਲੋਕਾਂ ਵਿੱਚੋਂ  ਉਮੀਦਵਾਰ ਖੜ੍ਹੇ ਕੀਤੇ। ਇਸ ਦੀ ਖਾਸ ਉਦਾਹਰਨ ਇਹ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਦੀ ਪ੍ਰਨੀਤ ਕੌਰ ਨੂੰ ਹਰਾਇਆ ਸੀ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *